ਬਾਬਾ ਸੰਗਤ ਸਿੰਘ ਦੀ ਅਲੌਕਿਕ ਸ਼ਹੀਦੀ
ਸਿੱਖ ਗੁਰੂ ਸਾਹਿਬਾਨ ਨੇ ਭਾਰਤੀ ਸਮਾਜ ਉਤੇ ਪਹਿਲੀ ਕਿਰਪਾ ਇਹ ਕੀਤੀ ਕਿ ਭਾਰਤੀ ਸੰਸਕ੍ਰਿਤੀ ਨੇ ਜਿਨ੍ਹਾਂ ਗਰੀਬਾਂ ਤੇ ਮਸਕੀਨਾਂ ਨੂੰ ਤ੍ਰਿਸਕਾਰ ਕੇ ਅਛੂਤ ਤੇ ਅਪੰਗ ਬਣਾ ਦਿੱਤਾ ਸੀ, ਉਨ੍ਹਾਂ ਨੂੰ ਬੜੇ ਪਿਆਰ ਨਾਲ ਗਲ ਲਾਇਆ। ਪਹਿਲੇ ਗੁਰੂ ਨਾਨਕ ਦੇਵ ਜੀ ਦਾ ਪ੍ਰਸਿੱਧ ਕਥਨ ਹੈ ਕਿ ਜਿਨ੍ਹਾਂ ਗਰੀਬਾਂ ਨੂੰ ਨੀਵੇਂ ਤੋਂ ਨੀਵੇਂ, ਅਤਿ ਨੀਵੇਂ ਸਮਝਿਆ ਜਾਂਦਾ ਹੈ, ਮੈਂ ਉਨ੍ਹਾਂ ਦਾ ਮਿੱਤਰ ਹਾਂ, ਮੈਂ ਉਨ੍ਹਾਂ ਦੇ ਨਾਲ ਹਾਂ-ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
-ਅੰਗ:੧੫
ਭਾਈ ਨੰਦ ਲਾਲ ਜੀ ਦੇ ਕਹਿਣ ਅਨੁਸਾਰ ਗੁਰੂ ਗੋਬਿੰਦ ਸਿੰਘ ਦੋਵਾਂ ਜਹਾਨਾਂ ਦੇ ਸ਼ਾਹ ਅਤੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸਨ-
ਬਰ ਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ
ਸ਼ਾਹਿ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ॥
ਪਰ ਦਸਮ ਪਾਤਸ਼ਾਹ ਨੇ ਗਰੀਬਾਂ ਨੂੰ ਇੰਨਾ ਵਡਿਆਇਆ ਹੈ ਕਿ ਕਿਸੇ ਗੁਰੂ ਪੀਰ ਨੇ ਸ਼ਾਇਦ ਹੀ ਵਡਿਆਇਆ ਹੈ ਕਿ ਕਿਸੇ ਗੁਰੂ ਪੀਰ ਨੇ ਸ਼ਾਇਦ ਹੀ ਵਡਿਆਇਆ ਹੋਵੇ। ਫ਼ਰਮਾਉਂਦੇ ਹਨ: ਮੈਂ ਜੋ ਕੁਝ ਵੀ ਹਾਂ, ਇਨ੍ਹਾਂ ਗਰੀਬ ਸਿੱਖਾਂ ਦੇ ਕਾਰਨ ਹੀ ਹਾਂ। ਇਨ੍ਹਾਂ ਦੀ ਕਿਰਪਾ ਨਾਲ ਹੀ ਮੈਂ ਵੱਡੇ ਵੱਡੇ ਯੁੱਧ ਜਿੱਤੇ ਹਨ। ਇਨ੍ਹਾਂ ਦੀ ਕਿਰਪਾ ਨਾਲ ਹੀ ਮੇਰੇ ਸ਼ੱਤਰੂ ਮਾਰੇ ਗਏ ਹਨ। ਮਾਇਆ ਤੇ ਵਿੱਦਿਆ ਵੀ ਇਨ੍ਹਾਂ ਤੋਂ ਹੀ ਪ੍ਰਾਪਤ ਹੋਈ ਹੈ। ਮੇਰੀ ਸਾਰੀ ਸ਼ਾਨੋ-ਸ਼ੌਕਤ ਇਨ੍ਹਾਂ ਸਿੱਖਾਂ ਦੀ ਹੀ ਬਖਸ਼ੀ ਹੋਈ ਹੈ; ਨਹੀਂ ਤਾਂ ਮੇਰੇ ਗਰੀਬਾਂ ਨੂੰ ਕੌਣ ਪੁੱਛਦਾ ਹੈ।
ਯੁਧ ਜਿਤੇ ਇਨ ਹੀ ਪ੍ਰਸਾਦਿ
ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੈ॥....
ਇਨ ਹੀ ਕੇ ਪ੍ਰਸਾਦਿ ਸੁ ਵਿਦਿਯਾ ਲਈ
ਇਨ ਹੀ ਕੀ ਕ੍ਰਿਪਾ ਸਭ ਸਤੂਰ ਮਰੇ॥
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈ
ਨਹੀ ਮੋ ਸੇ ਗਰੀਬ ਕਰੋਰ ਪਰੇ॥
-ਖਾਲਸਾ ਮਹਿਮਾ
ਜਦੋਂ ਗੁਰੂ ਸਾਹਿਬਾਨ ਨੇ ਨਿਤਾਣੇ ਨਿਮਾਣੇ ਗਰੀਬਾਂ ਉਤੇ ਇੰਜ ਆਪਣੀ ਕਿਰਪਾ ਦੇ ਫੁੱਲ ਵਰਸਾਏ ਤਾਂ ਭਾਰਤ ਦੇ ਕੋਨੇ-ਕੋਨੇ ਤੋਂ ਗਰੀਬ ਸਿੱਖ, ਗੁਰੂ ਦੀ ਆਵਾਜ਼ ਤੇ ਆਪਣੀਆਂ ਜਾਨਾਂ ਨਿਛਾਵਰ ਕਰਨ ਲਈ ਹਾਜ਼ਰ ਹੋ ਗਏ। ਅਨੰਦਪੁਰ ਸਾਹਿਬ ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਾਂ ਦੀ ਮੰਗ ਕੀਤੀ ਤਾਂ ਹੋਰ ਸਿੱਖਾਂ ਦੇ ਨਾਲ ਜਗਨਨਾਥ ਪੁਰੀ ਦੇ ਝਿਊਰ ਸਿੱਖ ਭਾਈ ਹਿੰਮਤ ਸਿੰਘ, ਦੁਆਰਕਾ ਦੇ ਛੀਂਬੇ ਸਿੱਖ ਭਾਈ ਮੁਹਕਮ ਸਿੰਘ ਅਤੇ ਬਿਦਰ ਦੇ ਨਾਈ ਸਿੱਖ ਭਾਈ ਸਾਹਿਬ ਸਿੰਘ ਨੇ ਬੜੀ ਨਿਮਰਤਾ ਅਤੇ ਸਮਰਪਣ ਨਾਲ ਆਪਣੇ ਸਿਰ ਭੇਟ ਕੀਤੇ। ਅਜਿਹੇ ਹੀ ਸਿਰਲੱਥ ਸੂਰਮੇ ਭਾਈ ਜੀਵਨ ਸਿੰਘ ਅਤੇ ਭਾਈ ਸੰਗਤ ਸਿੰਘ ਜੀ ਸਨ। ਭਾਈ ਜੀਵਨ ਸਿੰਘ ਨੇ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਅਨੰਦਪੁਰ ਸਾਹਿਬ ਲਿਆਉਣ ਦਾ ਬੇਮਿਸਾਲ ਕਾਰਨਾਮਾ ਕੀਤਾ ਅਤੇ ਭਾਈ ਸੰਗਤ ਸਿੰਘ ਜੀ ਦਾ ਦਸਮ ਪਾਤਸ਼ਾਹ ਦੀ ਬਖਸ਼ੀ ਹੋਈ ਹੀਰਿਆਂ-ਜੜੀ ਕਲਗੀ ਅਤੇ ਗੁਰੂ ਜੀ ਦਾ ਪਵਿੱਤਰ ਬਾਣਾ ਪਹਿਨ ਕੇ ਚਮਕੌਰ ਦੀ ਰਣਭੂਮੀ ਵਿਚ ਸ਼ਹੀਦੀ ਪ੍ਰਾਪਤ ਕੀਤੀ।
ਚਮਕੌਰ ਦੀ ਜੰਗ ਵਿਚ ਜਦੋਂ ਤਕਰੀਬਨ ਚਾਲੀ ਸਿੰਘ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਰਾਤ ਸਮੇਂ ਚਮਕੌਰ ਦੀ ਗੜ੍ਹੀ ਵਿਚ ਬਾਕੀ ਬਚਦੇ ਸਿੰਘਾਂ ਨਾਲ ਅਗਲੇ ਦਿਨ ਦੀ ਰਣਨੀਤੀ ਉਤੇ ਵਿਚਾਰ ਕੀਤੀ। ਪੰਜ ਸਿੰਘਾਂ ਦੇ ਗੁਰਮਤੇ ਨਾਲ ਫ਼ੈਸਲਾ ਹੋਇਆ ਕਿ ਗੁਰੂ ਜੀ ਤਿੰਨ ਸਿੰਘਾਂ ਸਹਿਤ ਗੜ੍ਹੀ ਵਿਚੋਂ ਚਲੇ ਜਾਣਗੇ ਅਤੇ ਬਾਕੀ ਦੇ ਸਿੰਘ ਅਗਲੇ ਦਿਨ ਰਣਭੂਮੀ ਵਿਚ ਦੁਸ਼ਮਣ ਦਾ ਮੁਕਾਬਲਾ ਕਰਨਗੇ। ਦਸਮ ਪਾਤਸ਼ਾਹ ਨੇ ਗੜ੍ਹੀ ਛੱਡਣ ਤੋਂ ਪਹਿਲਾਂ ਆਪਣੀ ਕਲਗੀ, ਆਪਣੇ ਸ਼ਸਤਰ ਅਤੇ ਬਸਤਰ ਆਪਣੇ ਹਮ-ਉਮਰ ਤੇ ਹਮ-ਸ਼ਕਲ ਭਾਈ ਸੰਗਤ ਸਿੰਘ ਨੂੰ ਪਹਿਨਾ ਕੇ ਹੁਕਮ ਦਿੱਤਾ ਕਿ ਭਾਈ ਸੰਗਤ ਸਿੰਘ, ਹੁਣ ਤੁਸੀਂ ਗੜ੍ਹੀ ਵਿਚ ਬਾਕੀ ਬਚਦੇ ਸਿੰਘਾਂ ਦੇ ਜਥੇਦਾਰ ਹੋ। ਦਿਨ ਚੜ੍ਹੇ ਮੁਗਲ ਫ਼ੌਜ ਗੜ੍ਹੀ ਉਤੇ ਜ਼ਰੂਰ ਹਮਲਾ ਕਰੇਗੀ। ਤੁਸੀਂ ਸੂਰਬੀਰਤਾ ਨਾਲ ਜੂਝ ਕੇ ਖਾਲਸੇ ਦੀ ਲਾਜ-ਪੈਜ ਰੱਖਣੀ ਅਤੇ ਵੈਰੀ ਨੂੰ ਪਿੱਠ ਨਹੀਂ ਦਿਖਾਉਣੀ।
ਅਗਲੇ ਦਿਨ ਮੁਗਲ ਫ਼ੌਜ ਨੇ ਗੜ੍ਹੀ ਉਤੇ ਹਮਲਾ ਕੀਤਾ ਤਾਂ ਭਾਈ ਸੰਗਤ ਸਿੰਘ ਦੀ ਅਗਵਾਈ ਵਿਚ ਸਾਰੇ ਸਿੰਘ ਬਹਾਦਰੀ ਨਾਲ ਲੜ ਕੇ ਸ਼ਹੀਦੀਆਂ ਪਾ ਗਏ। ਭਾਈ ਸੰਗਤ ਜੀ ਦੇ ਕਲਗੀ ਵਾਲੇ ਸਿਰ ਨੂੰ ਵੇਖ ਕੇ ਵੈਰੀਆਂ ਨੇ ਸਮਝਿਆ ਕਿ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਹੋ ਗਏ ਹਨ। ਪਰ ਸ਼ਨਾਖ਼ਤ ਕਰਨ ਤੇ ਪਤਾ ਲੱਗਾ ਕਿ ਇਹ ਸਿਰ ਭਾਈ ਸੰਗਤ ਸਿੰਘ ਦਾ ਹੈ। ਭਾਈ ਸੁੱਖਾ ਸਿੰਘ ਗੁਰ ਬਿਲਾਸ (1797 ਈ:) ਵਿਚ ਲਿਖਦੇ ਹਨ ਕਿ ਭਾਈ ਸੰਗਤ ਸਿੰਘ ਨੇ ਆਪਣੇ ਗੁਰੂ, ਸਵਾਮੀ ਦੀ ਖ਼ਾਤਰ ਆਪਣਾ ਸਿਰ ਕੁਰਬਾਨ ਕਰ ਦਿੱਤਾ ਅਤੇ ਗੁਰੂ ਦਰਬਾਰ ਵਿਚ ਉੱਚੀ ਪਦਵੀ ਪ੍ਰਾਪਤ ਕੀਤੀ-
ਸਵਾਮੀ ਸੁ ਕਾਰਨ ਸੀਸ ਦਯੋ ਤਿਨ
ਉਚ ਲਿਯੋ ਗ੍ਰਹਿ ਅਚੁੱਤ ਜਾਨੀ।
-ਗੁਰਬਿਲਾਸ, ਅਧਿ: ਇੱਕੀਵਾਂ
ਪੰਥ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਨਿਰਣੇ ਅਨੁਸਰ ਇਸ ਵੇਲੇ ਚਮਕੌਰ ਸਾਹਿਬ ਵਿਚ ਭਾਈ ਸੰਗਤ ਸਿੰਘ ਜੀ ਦੇ ਨਾਂ ਤੇ ਚਾਰ ਯਾਦਗਾਰਾਂ ਕਾਇਮ ਹਨ: ਭਾਈ ਸੰਗਤ ਸਿੰਘ ਦੀਵਾਨ ਹਾਲ, ਭਾਈ ਸੰਗਤ ਸਿੰਘ ਲੰਗਰ ਹਾਲ, ਭਾਈ ਸੰਗਤ ਸਿੰਘ ਯਾਤਰੀ ਨਿਵਾਸ ਅਤੇ ਗੁਰਦੁਆਰਾ ਗੜ੍ਹੀ ਸਾਹਿਬ ਦੇ ਮੁੱਖ ਦਰਵਾਜ਼ੇ ਦਾ ਨਾਂ ਸ਼ਹੀਦ ਭਾਈ ਸੰਗਤ ਸਿੰਘ ਗੇਟ। ਅਨੰਦਪੁਰ ਸਾਹਿਬ ਵਿਚ ਗੁਰਦੁਆਰਾ ਬਾਬਾ ਸੰਗਤ ਸਿੰਘ ਜੀ ਅਤੇ ਪਿੰਡ ਕੱਟਾ ਸਬੌਰ (ਨੇੜੇ ਨੂਰਪੁਰ ਬੇਦੀ) ਵਿਖੇ ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਜੀ ਵੀ ਬਾਬਾ ਜੀ ਦੀ ਅਲੌਕਿਕ ਸ਼ਹੀਦੀ ਨੂੰ ਸਮਰਪਿਤ ਹੈ। ਇਥੇ ਉਨ੍ਹਾਂ ਦੀ ਸ਼ਹੀਦੀ ਦਿਨ ਦਸੰਬਰ ਵਿਚ ਹਰ ਸਾਲ ਮਨਾਇਆ ਜਾਂਦਾ ਹੈ।
CONVERSATION